Tuesday, June 15, 2010

Kewal Singh Dhillon’s Press Conference on 19/4/10 at Rest-house Barnala

ਕਣਕ ਦੇ ਘੱਟ ਝਾੜ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਕੇਵਲ ਢਿਲੋਂ
ਬਰਨਾਲਾ, 19 ਅਪਰੈਲ
ਪੰਜਾਬ ਅੰਦਰ ਜੋ ਕਣਕ ਦਾ ਝਾੜ ਘਟਿਆ ਉਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਸ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਅਖੀਰਲੇ ਪਾਣੀ ਲਈ ਬਿਜਲੀ ਨਹੀਂ ਦਿੱਤੀ ਗਈ। ਇਹ ਦੋਸ਼ ਲਾਉਂਦਿਆਂ ਵਿਧਾਇਕ ਅਤੇ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਘਾਟੇ ਲਈ ਕਿਸਾਨਾਂ ਨੂੰ ਘੱਟੋ-ਘੱਟ ਪੰਜ ਤੋਂ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਢਿਲੋਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਖੇਤੀ ਪ੍ਰਧਾਨ ਸੂਬੇ ਵਿਚ ਵਿਚ ਹੀ ਖੇਤੀਬਾੜੀ ਦਾ ਬੁਰਾ ਹਾਲ ਹੋ ਰਿਹਾ ਹੈ।ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਵਿਚ ਵੀ ਮੁੱਦਾ ਉਠਾ ਚੁੱਕੇ ਹਨ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸੋਕੇ ਦੀ ਮਾਰ ਬਦਲੇ ਭੇਜਿਆ ਅੱਠ ਕਰੋੜ ਰੁਪਏ ਪੰਜਾਬ ਸਰਕਾਰ ਨੇ ਡਕਾਰ ਲਿਆ ਹੈ। ਪੰਜਾਬ ਅੰਦਰ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਐਲਾਨ ਵਜੋਂ 2 ਲੱਖ ਰੁਪਏ ਪ੍ਰਤੀ ਪੰਚਾਇਤ ਦੇਣ ਵਾਲੇ ਪੈਸੇ ਸਿਰਫ 94 ਕਰੋੜ ਬਣਦੇ ਹਨ ਪਰ ਸਰਕਾਰ ਵਲੋਂ ਇਕ ਫੁੱਟੀ ਕੌਡੀ ਕਿਸੇ ਪੰਚਾਇਤ ਨੂੰ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਸਰਪੰਚਾਂ ਨੂੰ ਪ੍ਰਤੀ ਮਹੀਨਾ 200 ਪ੍ਰਤੀ ਮਹੀਨਾ ਦਿੱਤਾ ਜਾਣ ਵਾਲਾ ਮਾਣ ਭੱਤਾ ਵੀ ਪਿਛਲੇ ਅਕਤੂਬਰ ਤੋਂ ਲੈ ਕੇ ਨਹੀਂ ਦਿੱਤਾ ਗਿਆ।
ਉਨ੍ਹਾਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਫੋਕੇ ਬਿਆਨਾਂ ਤੋਂ ਇਲਾਵਾ ਸਰਕਾਰ ਕੋਲ ਕੁਝ ਨਹੀਂ ਹੈ, ਬਿਜਲੀ ਤੋਂ ਬਗੈਰ ਕਿਸਾਨਾਂ ਦਾ ਹਰਾ-ਚਾਰਾ ਵੀ ਸੁੱਕ ਗਿਆ। ਇਸ ਲਈ ਹੁਣ ਪੰਜਾਬ ਦੀ ਜਨਤਾ ਜਲਦੀ ਤੋਂ ਜਲਦੀ ਇਸ ਨਿਕੰਮੀ ਸਰਕਾਰ ਤੋਂ ਖਹਿੜਾ ਛੁਡਵਾਉਣਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਸਾਬਕਾ ਚੇਅਰਮੈਨ ਭਗਤ ਸਿੰਘ ਭੋਲਾ, ਗੁਰਜੀਤ ਸਿੰਘ ਬਰਾੜ (ਸਿਆਸੀ ਸਕੱਤਰ), ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਂਸਲ, ਰਜਨੀਸ਼ ਕੁਮਾਰ ਭੋਲਾ, ਜਗਜੀਤ ਸਿੰਘ ਜੱਗੂ ਮੋਰ (ਦੋਵੇਂ ਕੌਂਸਲਰ) ਆਦਿ ਹਾਜ਼ਰ ਸਨ।

No comments:

Post a Comment